Saturday 4 August 2018

341. ਰਾਂਝਾ


ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ ।
ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ ।
ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗ਼ੈਬ ਦੀਆਂ ਰਿੱਕਤਾਂ ਡਾਹੁਨੀ ਹੈਂ ।
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ ।
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ ।
ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ ।
ਰਾਹ ਜਾਂਦੜੇ ਫ਼ਕਰ ਖਹੇੜਣੀਂ ਹੈਂ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ ।
ਘਰ ਪੇਈਅੜੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ ।
ਆ ਵਾਸਤਾ ਈ ਨੈਣਾਂ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ ।
ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈਂ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ ।

WELCOME TO HEER - WARIS SHAH